“ਸ਼ਬਦ ਸਾਂਝ” ਬਾਰੇ ਦੋ ਸ਼ਬਦ

“ਸ਼ਬਦ ਸਾਂਝ” ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਸਾਹਿਤਕ ਇੰਟਰਨੈੱਟ ਮੈਗਜ਼ੀਨ ਹੈ । ਇਹ ਪੰਜਾਬੀ ਦੇ ਹੱਕ ਵਿਚ ਖੜ੍ਹਨ ਦਾ ਇਕ ਛੋਟਾ ਜਿਹਾ ਤੇ ਨਿਗੂਣਾ ਜਿਹਾ ਉਪਰਾਲਾ ਹੈ ਤੇ ਜੁਗਨੂੰ ਵਾਂਗਰ ਹਨੇਰ੍ਹਿਆਂ ਨੂੰ ਰੌਸ਼ਨ ਕਰਨ ਦਾ ਯਤਨ ਕਰ ਰਿਹਾ ਹੈ। ਇਸ ਮੈਗਜ਼ੀਨ ਨੇ ਆਪਣੀ ਛੋਟੀ ਜਿਹੀ ਉਮਰ ਵਿਚ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਅਣਗਿਣਤ ਪੰਜਾਬੀਆਂ ਨੂੰ ਉਨ੍ਹਾਂ ਦੀ ਰੂਹ ਦੀ ਖੁਰਾਕ ਪ੍ਰਦਾਨ ਕਰਨ ਵਿਚ ਬਣਦੀ ਭੂਮਿਕਾ ਨਿਭਾਉਣ ਦੀ ਕੋਸਿ਼ਸ਼ ਕੀਤੀ ਹੈ। ਇਹ ਕੋਈ ਦਾਅਵਾ ਨਹੀਂ ਕਿ ਅਸੀਂ ਪੰਜਾਬੀ ਮਾਂ ਬੋਲੀ ਲਈ ਬੜਾ ਕੁਝ ਕਰ ਰਹੇ ਹਾਂ, ਸਗੋਂ ਪੰਜਾਬੀ ਮਾਂ ਬੋਲੀ ਦਾ ਹੀ ਸਾਡੇ ‘ਤੇ ਬਹੁਤ ਵੱਡਾ ਅਹਿਸਾਨ ਹੈ ਕਿ ਇਸ ਜ਼ਰੀਏ ਹੀ ਸਾਡਾ ਗਿਆਨ ਖ਼ਜ਼ਾਨਾ ਹੋਰ ਅਮੀਰ ਹੋ ਰਿਹਾ ਹੈ ਅਤੇ ਸਾਡਾ ਇਹ ਸੌ਼ਕ ਸਾਨੂੰ ਜਿ਼ੰਦਗੀ ਦੀ ਖ਼ੂਬਸੂਰਤੀ ਪ੍ਰਦਾਨ ਕਰ ਰਿਹਾ ਹੈ। ਸੋ ਦੋਸਤੋ ! ਵਾਹ ਲੱਗਦੀ ਅਸੀਂ ਆਪ ਸਭ ਦੇ ਸਹਿਯੋਗ, ਸੂਝ ਨਾਲ਼ “ਸ਼ਬਦ ਸਾਂਝ” ਜ਼ਰੀਏ ਪੰਜਾਬੀ ਮਾਂ ਬੋਲੀ ਦੀ ਬੁੱਕਲ਼ ਦਾ ਨਿੱਘ ਮਾਣਦੇ ਰਹਾਂਗੇ ਅਤੇ ਇਸਦੀ ਮਹਿਕ ਨੂੰ ਧਰਤੀ ਦੀ ਹਰ ਨੁੱਕਰ ਤੱਕ ਖਿਲਾਰਨ ਦਾ ਯਤਨ ਕਰਦੇ ਰਹਾਂਗੇ। “ਸ਼ਬਦ ਸਾਂਝ” ਨੇ ਸਾਹਿਤ ਦੀ ਹਰ ਵਿਧਾ ਨੂੰ ਤੁਹਾਡੇ ਨਾਲ਼ ਸਾਂਝਾ ਕਰਨ ਦਾ ਵਾਅਦਾ ਲਿਆ ਹੈ। ਆਪ ਸਭ ਦੇ ਵਡਮੁੱਲੇ ਸਹਿਯੋਗ ਲਈ ਬਹੁਤ ਬਹੁਤ ਸ਼ੁਕਰੀਆ ਤੇ ਭਵਿੱਖ ਵਿਚ ਵੀ ਤੁਹਾਡੇ ਤੋਂ ਇਸ ਤੋਂ ਵੀ ਵਡੇਰੇ ਪਿਆਰ ਦੀ ਉਮੀਦ ਰੱਖਾਂਗੇ।
ਕੁਝ ਆਮ ਹੀ ਪੁੱਛੇ ਜਾਣ ਵਾਲੇ ਸੁਆਲ:

? ਮੈਂ ਆਪਣੀ ਰਚਨਾ “ਸ਼ਬਦ ਸਾਂਝ” ਨੂੰ ਭੇਜਣਾ ਚਾਹੁੰਦਾ ਹਾਂ । ਕੀ ਕਿਸੇ ਹੋਰ ਪਰਚੇ, ਅਖਬਾਰ ਜਾਂ ਵੈੱਬਸਾਈਟ ਨੂੰ ਇਹ ਰਚਨਾ ਭੇਜੀ ਜਾ ਸਕਦੀ ਹੈ ?
 -    ਜੀ ਹਾਂ ! ਬਿਲਕੁੱਲ ਭੇਜ ਸਕਦੇ ਹੋ । “ਸ਼ਬਦ ਸਾਂਝ” ਕਿਸੇ ਵੀ ਲੇਖਕ ਜਾਂ ਕਵੀ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਲਗਾਉਂਦਾ । “ਸ਼ਬਦ ਸਾਂਝ” ਦਾ ਮਕਸਦ ਕੇਵਲ ਤੇ ਕੇਵਲ ਪੰਜਾਬੀ ਸਾਹਿਤ ਦਾ ਪ੍ਰਸਾਰ ਕਰਨਾ ਹੈ । ਸੋ, ਤੁਸੀਂ “ਸ਼ਬਦ ਸਾਂਝ” ਦੇ ਨਾਲ਼ ਨਾਲ਼ ਜਿਸਨੂੰ ਜੀ ਚਾਹੇ ਆਪਣੀ ਰਚਨਾ ਭੇਜ ਸਕਦੇ ਹੋ ।

? ਮੇਰੀ ਰਚਨਾ ਪਹਿਲਾਂ ਹੀ ਕਿਸੇ ਹੋਰ ਪਰਚੇ/ਵੈੱਬਸਾਈਟ 'ਤੇ ਛਪੀ ਹੋਈ ਹੈ, ਕੀ ਤੁਸੀਂ ਮੇਰੀ ਰਚਨਾ ਛਾਪੋਗੇ ?-    ਸਾਨੂੰ ਕੋਈ ਸਮੱਸਿਆ ਨਹੀਂ ਹੈ । ਜਿਵੇਂ ਕਿ ਪਹਿਲਾਂ ਵੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ "ਸ਼ਬਦ ਸਾਂਝ" ਦਾ ਮਕਸਦ ਕੇਵਲ ਤੇ ਕੇਵਲ ਪੰਜਾਬੀ ਸਾਹਿਤ ਦਾ ਪ੍ਰਸਾਰ ਕਰਨਾ ਹੈ, ਸੋ ਇਹ ਸਭ ਦਾ ਮੁੱਢਲਾ ਫ਼ਰਜ਼ ਬਣ ਜਾਂਦਾ ਹੈ ਕਿ ਉਹ ਸਾਹਿਤਕਾਰ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਵੇ ।

? ਕੀ ਮੈਂ ਆਪਣੀ ਰਚਨਾ ਹੱਥ ਲਿਖਤ ਜਾਂ ਸਕੈਨ ਕਰਕੇ ਭੇਜ ਸਕਦਾ ਹਾਂ ?
 -    ਮੁਆਫ਼ੀ ਚਾਹੁੰਦੇ ਹਾਂ ਕਿ “ਸ਼ਬਦ ਸਾਂਝ” ਲਈ ਹੱਥ ਲਿਖਤ ਜਾਂ ਸਕੈਨ ਕੀਤੀ ਗਈ ਰਚਨਾ ਸਵੀਕਾਰ ਨਹੀਂ ਕੀਤੀ ਜਾਂਦੀ । ਸਾਡੇ ਲਈ ਇਤਨਾ ਸਮਾਂ ਕੱਢਣਾ ਔਖਾ ਹੈ ਕਿ ਕਿਸੇ ਵੀ ਛੋਟੀ ਜਾਂ ਵੱਡੀ ਰਚਨਾ ਨੂੰ ਟਾਈਪ ਕਰਕੇ ਪ੍ਰਕਾਸਿ਼ਤ ਕੀਤਾ ਜਾਏ । ਸੋ, ਹਮੇਸ਼ਾ ਆਪਣੀ ਰਚਨਾ ਟਾਈਪ ਕਰਕੇ ਹੀ ਭੇਜੋ ।

? ਮੈਂ ਆਪਣੀ ਰਚਨਾ ਕਿਸ ਫੌਂਟ ‘ਚ “ਸ਼ਬਦ ਸਾਂਝ” ਨੂੰ ਭੇਜ ਸਕਦਾ ਹਾਂ ?
-    ਤੁਸੀਂ ਆਪਣੀਆਂ ਰਚਨਾਵਾਂ ਡੀ.ਆਰ. ਚਾਤ੍ਰਿਕ, ਅਨਮੋਲ ਲਿਪੀ, ਗੁਰਲਿਪੀ, ਪੰਜਾਬੀ, ਸਤਲੁਜ, ਅੱਖਰ, ਗੁਰਬਾਣੀ ਅੱਖਰ, ਗੁਰਬਾਣੀ ਲਿਪੀ, ਗੁਰਮੁਖੀ, ਜੌਏ ਜਾਂ ਵੈੱਬਅੱਖਰ ਫੌਂਟ ‘ਚ ਭੇਜ ਸਕਦੇ ਹੋ । ਰਚਨਾ ਭੇਜਣ ਲਈ ਜੇਕਰ ਯੂਨੀਕੋਡ ਫੌਂਟ ਤੋਂ ਗੁਰੇਜ਼ ਕੀਤਾ ਜਾਏ ਤਾਂ ਜਿ਼ਆਦਾ ਵਧੀਆ ਰਹੇਗਾ । ਆਪਣੀਆਂ ਰਚਨਾਵਾਂ ਪੀ.ਡੀ.ਐਫ਼ ਫਾਰਮਟ 'ਚ ਵੀ ਭੇਜ ਸਕਦੇ ਹੋ । ਰਚਨਾ ਦੇ ਨਾਲ਼ ਆਪਣੀ ਤਸਵੀਰ ਵੀ ਜ਼ਰੂਰ ਭੇਜੋ ਤਾਂ ਜੋ ਰਚਨਾ ਦੇ ਨਾਲ਼ ਛਾਪੀ ਜਾ ਸਕੇ ।

? ਕੀ ਮੈਨੂੰ ਰਚਨਾ ਭੇਜਣ ਬਦਲੇ ਕੋਈ ਆਰਥਿਕ ਸਹਿਯੋਗ ਮਿਲੇਗਾ ਜਾਂ ਰਚਨਾ ਛਾਪਣ ਲਈ ਤੁਸੀਂ ਕਿੰਨੇ ਪੈਸੇ ਲੈਂਦੇ ਹੋ ?
-    “ਸ਼ਬਦ ਸਾਂਝ” ਪੂਰਨ ਰੂਪ ‘ਚ ਗ਼ੈਰਵਪਾਰਿਕ ਪਰਚਾ ਹੈ । ਰਚਨਾਵਾਂ ਛਾਪਣ ਬਦਲੇ ਕਿਸੇ ਤੋਂ ਕੋਈ ਆਰਥਿਕ ਸਹਿਯੋਗ ਨਹੀਂ ਲਿਆ ਜਾਂਦਾ ਤੇ ਨਾ ਹੀ ਰਚਨਾ ਭੇਜਣ ਦੇ ਇਜ਼ਵਾਨੇ ਵਜੋਂ ਲੇਖਕ ਜਾਂ ਕਵੀ ਨੂੰ ਕੋਈ ਰਾਸ਼ੀ ਭੇਜੀ ਜਾਂਦੀ ਹੈ । ਕੋਈ ਐਡਵਰਟਾਈਜ਼ਮੈਂਟ ਜਾਂ ਦਾਨ ਸਵੀਕਾਰ ਨਹੀਂ ਕੀਤਾ ਜਾਂਦਾ । “ਸ਼ਬਦ ਸਾਂਝ” ਚਲਾਉਣ ਲਈ ਸਾਰਾ ਖਰਚ ਆਪਣੀ ਕਿਰਤ ਕਮਾਈ ‘ਚੋਂ ਕਰਦੇ ਹਾਂ ।

? ਪੰਜਾਬੀ ਸਾਹਿਤ ਦੀ ਕਿਹੜੀ ਵਿਧਾ ‘ਚ ਰਚਨਾਵਾਂ “ਸ਼ਬਦ ਸਾਂਝ” ‘ਤੇ ਪ੍ਰਕਾਸਿ਼ਤ ਕੀਤੀਆਂ ਜਾਂਦੀਆਂ ਹਨ ?
 -    ਪੰਜਾਬੀ ਸਾਹਿਤ ਦੀ ਕਿਸੇ ਵੀ ਵਿਧਾ ‘ਚ ਤੁਸੀਂ ਆਪਣੀਆਂ ਰਚਨਾਵਾਂ ਭੇਜ ਸਕਦੇ ਹੋ । ਜਿੱਥੋਂ ਤੱਕ ਖਬਰਾਂ ਦਾ ਸੁਆਲ ਹੈ, ਪੰਜਾਬੀਅਤ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਾਹਿਤ ਦੀਆਂ ਸਰਗਰਮੀਆਂ ਦੀ ਖਬਰ ਭੇਜ ਸਕਦੇ ਹੋ । ਲੀਡਰਾਂ ਦੇ ਬਿਆਨ, ਰਾਜਨੀਤਿਕ ਜੋੜ ਤੋੜ ਤੇ ਹੋਰ ਮਸਾਲਾ ਖਬਰਾਂ ਭੇਜਣ ਤੋਂ ਗੁਰੇਜ਼ ਕੀਤਾ ਜਾਏ ਤਾਂ ਧੰਨਵਾਦੀ ਹੋਵਾਂਗੇ ।

? ਮੈਂ ਅਜੇ ਨਵਾਂ ਹੀ ਲਿਖਣਾ ਸ਼ੁਰੂ ਕੀਤਾ ਹੈ, ਅਜੇ ਸਥਾਪਿਤ ਲੇਖਕ ਨਹੀਂ ਬਣ ਸਕਿਆ । ਕੀ ਮੈਨੂੰ “ਸ਼ਬਦ ਸਾਂਝ” ‘ਚ ਜਗ੍ਹਾ ਮਿਲੇਗੀ ?
-    ਜੀ ਹਾਂ ! ਬਿਲਕੁੱਲ । ਜੀ ਆਇਆਂ ਨੂੰ... ਹਰ ਲੇਖਕ ਕਿਸੇ ਦਿਨ ਨਵਾਂ ਹੁੰਦਾ ਹੈ । ਸਾਡੀ ਇੱਕੋ ਸ਼ਰਤ ਹੈ ਕਿ ਰਚਨਾ ਮਿਆਰੀ ਹੋਣੀ ਚਾਹੀਦੀ ਹੈ । ਜੇਕਰ ਤੁਸੀਂ ਆਪਣੀ ਰਚਨਾ ਕਿਸੇ ਸੀਨੀਅਰ ਲੇਖਕ ਜਾਂ ਆਪਣੇ ਸ਼ਹਿਰ ਦੀ ਸਾਹਿਤ ਸੰਸਥਾ ਦੇ ਕਿਸੇ ਮੈਂਬਰ ਨੂੰ ਚੈੱਕ/ਸੋਧ ਕਰਵਾ ਕੇ ਭੇਜੋ ਤਾਂ ਸਾਡੇ ਸਮੇਂ ਦੀ ਬੱਚਤ ਕਰਨ ‘ਚ ਸਹਾਈ ਹੋਵੋਗੇ ।

? “ਸ਼ਬਦ ਸਾਂਝ” ‘ਚ ਰਚਨਾ ਪ੍ਰਕਾਸਿ਼ਤ ਕਰਨ ਲਈ ਕਿੰਨੇ ਦਿਨ ਦਾ ਸਮਾਂ ਲੱਗਦਾ ਹੈ ?

 -    “ਸ਼ਬਦ ਸਾਂਝ” ਅੱਪਡੇਟ ਕਰਨ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ । ਜਦ ਵੀ ਸਮਾਂ ਮਿਲਦਾ ਹੈ, “ਸ਼ਬਦ ਸਾਂਝ” ‘ਤੇ ਕੰਮ ਕਰਨ ਦੀ ਕੋਸਿ਼ਸ਼ ਕਰਦੇ ਹਾਂ, ਤਕਰੀਬਨ ਹਰ ਰੋਜ਼ ਘੱਟੋ ਘੱਟ ਦੋ-ਤਿੰਨ ਘੰਟੇ “ਸ਼ਬਦ ਸਾਂਝ” ‘ਤੇ ਲਗਾਏ ਜਾਂਦੇ ਹਨ । ਕੰਮ ਕੇਵਲ ਰਚਨਾਵਾਂ ਪ੍ਰਕਾਸਿ਼ਤ ਕਰਨ ਦਾ ਹੀ ਨਹੀਂ ਹੁੰਦਾ ਬਲਕਿ ਡਿਜ਼ਾਇਨਿੰਗ, ਰਚਨਾਵਾਂ ਪੜ੍ਹਨਾ, ਚੋਣ ਤੇ ਸੋਧ (ਸ਼ਬਦ ਜੋੜਾਂ ਦੀਆਂ ਗ਼ਲਤੀਆਂ ਆਦਿ ਦੀ) ਆਦਿ ਬਹੁਤ ਸਾਰੇ ਕੰਮ ਹੁੰਦੇ ਹਨ । ਸੋ, ਘੱਟੋ ਘੱਟ ਇੱਕ ਤੋਂ ਦੋ ਹਫ਼ਤੇ ਤੱਕ ਦਾ ਸਮਾਂ ਰਚਨਾ ਛਾਪਣ ਲਈ ਦਿੱਤਾ ਜਾਵੇ । ਯਾਦ ਰਹੇ, ਰਚਨਾਵਾਂ ‘ਚ ਹਿੰਸਾ, ਅਸ਼ਲੀਲਤਾ ਤੇ ਹੋਰ ਇਤਰਾਜ਼ਯੋਗ ਸਮੱਗਰੀ ‘ਚ ਸੋਧ/ਬਦਲਾਅ/ਰੱਦ ਕਰਨ ਦਾ ਅਧਿਕਾਰ ਅਸੀਂ ਸੁਰੱਖਿਅਤ ਰੱਖਦੇ ਹਾਂ ।

? ਮੈਂ ਆਪਣੀ ਕਿਤਾਬ “ਸ਼ਬਦ ਸਾਂਝ” ‘ਤੇ ਛਪਵਾਉਣੀ ਚਾਹੁੰਦਾ ਹਾਂ । ਕੀ ਕਰਨਾ ਹੋਵੇਗਾ ?
-    ਤੁਹਾਨੂੰ ਆਪਣੀ ਕਿਤਾਬ ਭੇਜਣ ਦੀ ਲੋੜ ਨਹੀਂ । ਆਪਣੀ ਕਿਤਾਬ ਦੀ ਸੌਫ਼ਟ ਕਾਪੀ (ਟਾਈਪ ਕੀਤੀ ਹੋਈ) ਵਰਡ ਜਾਂ ਪੀ.ਡੀ.ਐਫ਼. ਫੌਰਮਟ ‘ਚ ਸਾਨੂੰ ਈ-ਮੇਲ ਕਰ ਸਕਦੇ ਹੋ । ਕਿਤਾਬ ਦਾ ਕਵਰ ਪੰਨਾ ਵੀ ਸਕੈਨ ਕਰਕੇ ਜਾਂ ਫੋਟੋ ਫੌਰਮਟ ‘ਚ ਡਿਜ਼ਾਇਨ ਕੀਤਾ ਹੋਇਆ ਨਾਲ਼ ਭੇਜੋ ਤਾਂ ਜੋ “ਸ਼ਬਦ ਸਾਂਝ” ਦੇ ਮੁੱਖ ਪੰਨੇ ‘ਤੇ ਤੁਹਾਡੀ ਕਿਤਾਬ ਦੀ ਫੋਟੋ ਲਗਾਈ ਜਾ ਸਕੇ ।

? ਜਦ ਮੇਰੀ ਰਚਨਾ “ਸ਼ਬਦ ਸਾਂਝ” ‘ਤੇ ਛਪੇਗੀ, ਕੀ ਮੈਨੂੰ ਸੂਚਿਤ ਕੀਤਾ ਜਾਏਗਾ ?
 -    ਮੁਆਫ਼ੀ ਚਾਹੁੰਦੇ ਹਾਂ ਕਿ ਯਕੀਨਨ ਸੂਚਿਤ ਕੀਤਾ ਜਾਏਗਾ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ । ਹਾਂ ! ਹਰ ਰਚਨਾ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਲਈ ਫੇਸਬੁੱਕ ‘ਤੇ ਸ਼ੇਅਰ ਕਰਨ ਦੀ ਸਾਡੀ ਪੂਰੀ ਪੂਰੀ ਕੋਸਿ਼ਸ਼ ਹੁੰਦੀ ਹੈ । ਅੱਜ ਦੀ ਤਾਰੀਖ ‘ਚ ਕਰੀਬ 100% ਰਚਨਾਵਾਂ ਫੇਸਬੁੱਕ ‘ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ । ਇਸ ਲਈ ਤੁਸੀਂ ਸਾਡੀ ਮਿੱਤਰ ਲਿਸਟ ਜਾਂ “ਸ਼ਬਦ ਸਾਂਝ” ਗਰੁੱਪ ‘ਚ ਸ਼ਾਮਲ ਹੋ ਸਕਦੇ ਹੋ ।

? ਕੀ ਮੈਂ ਆਪਣੀ ਰਚਨਾ ਤੁਹਾਡੇ ਨਿੱਜੀ ਈ-ਮੇਲ ਐਡਰੈੱਸ 'ਤੇ ਭੇਜ ਸਕਦਾ ਹਾਂ ?- ਤੁਹਾਡੀ ਹਰ ਰਚਨਾ ਦਾ ਦਿਲੀ ਨਿੱਘਾ ਸੁਆਗਤ ਹੈ । ਮੇਰੇ ਨਿੱਜੀ ਈ-ਮੇਲ ਐਡਰੈੱਸ 'ਤੇ ਰਚਨਾ ਭੇਜਣ ਨਾਲ਼ ਕਈ ਵਾਰ ਰਚਨਾ ਛਪਣੋਂ ਰਹਿ ਜਾਂਦੀ ਹੈ ਜਾਂ ਲੇਟ ਹੋ ਜਾਂਦੀ ਹੈ । ਜੇਕਰ "ਸ਼ਬਦ ਸਾਂਝ" ਦੇ ਐਡੀਟਰ ਵਾਲੇ ਐਡਰੈੱਸ 'ਤੇ ਰਚਨਾ ਭੇਜੀ ਜਾਏ ਤਾਂ ਜਦ ਤੱਕ ਰਚਨਾ ਛਪ ਨਹੀਂ ਜਾਂਦੀ, ਉਦੋਂ ਤੱਕ inbox 'ਚ ਪਈ ਰਹਿੰਦੀ ਹੈ । ਸੋ, ਰਚਨਾ ਅੱਖੋਂ ਪਰੋਖੇ ਹੋਣ ਦਾ ਕੋਈ ਚਾਂਸ ਹੀ ਨਹੀਂ ਤੇ ਨਿੱਜੀ ਈ-ਮੇਲਾਂ ਹੋਰ ਆਉਣ ਕਾਰਨ ਰਚਨਾ ਥੱਲੇ ਵੱਲ ਸਰਕ ਜਾਂਦੀ ਹੈ । ਸੋ, ਬੇਹਤਰ ਹੈ ਕਿ ਜੇਕਰ ਰਚਨਾ editor@shabadsanjh.com 'ਤੇ ਭੇਜੀ ਜਾਏ, ਮੈਨੂੰ ਆਸਾਨੀ ਰਹੇਗੀ । ਬਾਕੀ, ਤੁਸੀਂ ਆਪਣੀ ਸਹੂਲੀਅਤ ਅਨੁਸਾਰ ਕਿਸੇ ਵੀ ਐਡਰੈੱਸ 'ਤੇ ਰਚਨਾ ਭੇਜ ਸਕਦੇ ਹੋ ।

ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਈ-ਮੇਲ ਜਾਂ ਫੋਨ ‘ਤੇ ਸੰਪਰਕ ਕਰ ਸਕਦੇ ਹੋ ਜੀ ।
ਮੋਬਾਇਲ : +61 433 442 722
ਈ-ਮੇਲ  : editor@shabadsanjh.com

****